ਸ਼ੇਖ਼ ਚਿੱਲੀ ਦੀ ਕਥਾ (1895)

[ 1 ]

ਟਾਈਪ ਦਾ ਛਾਪਾ

ਸ਼ੇਖ਼ ਚਿੱਲੀ

ਦੀ ਕਥਾ

(ਕ੍ਰਿਤ ਲਾਲਾ ਬਿਹਾਰੀਲਾਲ)

ਜਿਸਕੋ

ਬੜੀ ਕੋਸ਼ਿਸ਼ ਸੇ ਸਹੀ ਕਰਕੇ


ਮੁਫ਼ੀਦ ਆਮ ਪ੍ਰੇਸ ਲਾਹੌਰ ਵਿੱਚ

ਮੁਨਸ਼ੀ ਗੁਲਾਬ ਸਿੰਘ ਐਂਡ ਸੰਜ਼ ਨੇ

ਛਪਵਾਯਾ

ਸਨ ੧੮੯੫ ਈ:

[ 2 ]

੧ਓ ਸਤਿਗੁਰਪ੍ਰਸਾਦਿ॥

ਸ਼ੇਖ਼ ਚਿੱਲੀ ਦੀ ਝੂਠੀ ਆਸ

ਚੌਪਈ॥ ਝੂਠੀ ਆਸ ਕਰੋ ਨਾ ਭਾਈ। ਤਿਸ ਤੇ ਲਾਭ ਨ ਹੋਵੇ ਕਾਈ। ਸ਼ੇਖ਼ ਚਿੱਲੀ ਦੀ ਸੁਨੋ ਕਹਾਣੀ। ਸਿਖਿਆ ਕਾਨ ਹੋਇ ਮਨ ਭਾਣੀ। ਇਕ ਦਿਨ ਸ਼ੇਖ਼ ਚਿੱਲੀ ਦੀ ਮਾਂ ਨੇ ਕਿਹਾ ਕਿ ਪੁਤ੍ਰ ਤੂੰ ਵੇਹਲਾ ਜੋ ਬੈਠ ਰਹਿੰਦਾ ਹੈਂ ਲਕੜੀਆਂ ਹੀ ਲੈ ਆਯਾ ਕਰ ਆਪਣੀ ਮਾਂ ਦੀ ਆਗਯਾ ਮੂਜਿਬ ਕੁਹਾੜੀ ਲੈ ਜੰਗਲ ਨੂੰ ਗਇਆ। ਉਥੇ ਇਕ ਵਡੇ ਸਾਰੇ ਰੁੱਖ ਉੱਤੇ ਚੜ੍ਹ ਤਿਸਦੀ ਇੱਕ ਟਹਿਣੀ ਉਤੇ ਬੈਠ ਉਸੇ ਨੂੰ ਵਢਣ ਲਗਾ ਉਸ ਰਸਤੇ ਇੱਕ ਰਾਹੀ ਚਲਿਆ ਜਾਂਦਾ ਸ ਉਸਨੇ ਡਿੱਠਾ ਜੋ ਇਹ ਹੁਣੇ ਡਿਗ ਮਰੇਗਾ ਉਸਨੂੰ ਕਿਹਾ ਤੂੰ ਜਿਸ ਡਾਲ ਉੱਤੇ ਬੈਠਾ ਹੈਂ ਉਸੇ ਨੂੰ ਕਟਦਾ ਹੈਂ ਕੀ ਤੂੰ ਡਿਗ ਨਾ ਮਰੇਂਗਾ ਉੱਤਰ ਦਿੱਤੋ ਸੁ [ 3 ] ਚਲ ਓਇ ਪਤ੍ਰਾ ਵਾਚ ਤੈਨੂੰ ਕਹਿਨੈ ਗੱਲੀ ਲਾਇਆ ਹੈ ਇਹ ਸੋਹਲ ਸੁਣਕੇ ਓਹ ਵਿਚਾਰਾ ਛਿੱਥਾ ਹੋਈ ਚਲਿਆ ਗਇਆ ਪਰ ਅਜੇ ਦੂਰ ਨੀਂ ਗਇਆ ਸਾ ਟਹਿਣੀ ਟੁੱਟ ਗਈ ਤੇ ਸ਼ੇਖ਼ ਚਿੱਲੀ ਡਿਗ ਪਿਆ ਕੁਹਾੜੀ ਵਾੜੀ ਛੱਡ ਲੰਗੜਾਉਂਦਾ ਉਸ ਰਾਹੀ ਦੇ ਪਿੱਛੇ ਭੱਜਿਆ ਤੇ ਦੂਰੋਂ ਕੁਆਇਆ ਕਿ ਤੂੰ ਕੋਈ ਔਲੀਆ ਹੈਂ ਸਚ ਦਸ ਮੈਂ ਕਦ ਮਰਾਂਗਾ ਇਹ ਕਹਿ ਉਨੂੰ ਜੱਫੀ ਮਾਰ ਬੈਠਾ ਉਨ ਆਪਣਾ ਪਿੱਛਾ ਛੁਡਾਉਣ ਲਈ ਕਿਹਾ ਤੂੰ ਸੱਤਾ ਦਿਨਾ ਨੂੰ ਮਰੇਂਗਾ ਇਹ ਸੁਨ ਸ਼ੇਖ਼ ਚਿੱਲੀ ਘਰ ਨੂੰ ਗਇਆ ਅਤੇ ਅਪਣੀ ਮਾਉਂ ਨੂੰ ਬੋਲਿਆ ਮਾਤਾ ਅੱਜ ਮੈਨੂੰ ਇੱਕ ਔਲੀਆ ਮਿਲਆ ਸਾ ਓਹ ਕਹ ਗਿਆ ਹੈ ਜੋ ਤੂੰ ਸੱਤਾਂ ਦਿਨਾਂ ਨੂੰ ਮਰੇਂਗਾ ਸੋ ਹੁਣ ਮੈਂ ਤੈਥੋਂ ਵਿਦਿਆ ਹੋਣ ਆਇਆ ਹਾਂ ਛਿਆਂ ਦਿਨਾਂ ਲਈ ਤੂੰ ਮੈਨੂੰ ਪਰਾਂਉਠੇ ਤਲ ਦੇ ਕਿ ਮੈਂ ਦੇ ਆਉਣ ਤੇ ਪਹਿਲਾਂ ਹੀ ਕਬਰ ਵਿੱਚ ਜਾ ਪਵਾਂ ਜੇ ਮੈਂ ਘਰ ਮਰਿਆ ਤਾਂ ਮਗਰੋਂ ਮੈਨੂੰ ਕਿੰਨ ਚੁਕਕੇ ਬਾਹਰ ਲਜਾ ਦੱਬਣਾ ਹੈ ਸੋ ਹਸਕੇ [ 4 ] ਬੋਲੀ ਵੇ ਮੌਰ ਝੰਗਾ ਪਿਟਿਆ ਤੈਨੂੰ ਕਿਸੇ ਹਸੀ ਕੀਤੀ ਹੋਨੀ ਹੇ ਉੱਤਰ ਦਿੱਤੋ ਸੁ ਨਹੀਂ ਮਾਂ ਓਹ ਅੱਲਾ ਦਾ ਬੰਦਾ ਅਜੇਹਾ ਨਾ ਸਾ। ਉਹ ਤਾਂ ਕੋਈ ਅੱਲਾ ਦਾ ਮਕਬੂਲ ਸਾ ਤੂੰ ਇਹ ਤਾਂ ਸਮਝ ਜੋ ਝੂਠ ਬੋਲਕੇ ਉਸ ਸਾਹਿਬ ਦੇ ਪ੍ਯਾਰੇ ਨੇ ਸਾਡੇ ਕੋਲੋਂ ਕੋਈ ਨੇਕੀ ਲੈਣੀ ਸੀ; ਇਹ ਸੁਣਕੈ ਉਸਦੀ ਮਾਂ ਮੁਸਕੜਾਈ ਅਤੇ ਝੱਲਾ ਜਾਣਕੇ ਛਿਆਂ ਦਿਨਾਂ ਲਈ ਪਰੌਂਠੇ ਪਕਾ ਦਿੱਤੇ ਸੰਬਲਾ ਲੈ ਓਹ ਕਬਰਸਤਾਨ ਵਿੱਚ ਜਾ ਕਬਰ ਪੁੱਟ ਉਸ ਵਿੱਚ ਪੈ ਰਿਹਾ ਤੇ ਮੂੰਹ ਨੰਗਾ ਰਖ ਲਿਆ ਉਸ ਰਸਤੇ ਇਕ ਸਿਪਾਹੀ ਘਿਉ ਦਾ ਘੜਾ ਲਈ ਚਲਿਆ ਜਾਂਦਾ ਸਾ, ਸਾਹਲੈਣ ਲਗੇ ਉਨ ਉਥੇ ਘਿਉ ਦਾ ਘੜਾ ਉਤਾਰ ਦਿੱਤਾ ਤੇ ਇਧਰ ਉਧਰ ਤੱਕਣ ਲੱਗਾ ਜੋ ਕੋਈ ਮਜੂਰ ਮਿਲ ਜਾਇ ਤਾਂ ਟਕਾ ਦੇਕੇ ਘੜਾ ਚੁਕਾ ਲੈ ਚੱਲਾਂ। ਇਹ ਕਬਰ ਵਿੱਚੋਂ ਬੋਲ ਉਠਿਆ "ਜਿਉਂ ਦੇਸੇ ਤਾਂ ਰਾਹ ਬਤਲਾਉਂਦੇ ਸੇ ਹੁਣਤਾਂ ਮੋਏ ਪਏ ਹਾਂ, ਸਿਪਾਹੀ ਨੇ ਇਧਰ ਉਧਿਰ ਡਿੱਠਾ, ਕੀ ਇਹ ਬਲਾ ਕਿਥੋਂ ਬੋਲੀ ਹੈ। ਕਬਰ ਵਲ ਵੇਖ ਉਸ [ 5 ] ਸਿਪਾਹੀ ਨੇ ਇਸ ਪਖੰਡੀ ਨੂੰ ਲਿੱਤਰ ਮਾਰ ਉਠਾਲ ਲਿਤਾ ਤੇ ਘੜਾ ਉਸਨੇ ਸਿਰ ਉਪਰ ਰਖਕੇ ਕਿਹਾ ਕਿ ਚਲ ਚਾਰ ਆਨੇ ਤੈਨੂੰ ਇਸ ਦੀ ਚੁਕਾਈ ਦਿਆਂਗਾ ਨਗਰ ਨੂੰ ਲੈ ਚਲ। ਘੜਾ ਸਿਰ ਪੁਰ ਰਖ ਮਨ ਮਨ ਵਿਚ ਇਹ ਗਲ ਕਹੀ ਤੇ ਮਨ ਦੀਆਂ ਖੇਪਾਂ ਲਗਾ। ਇਸ ਚੁਆਨੀ ਦੀ ਕੁੱਕੜੀ ਖਰੀਦਾਂਗਾ, ਬੱਚ ਖੱਚ ਦੇਊ ਉਨਾਂ ਨੂੰ ਵੇਚ ਕੇ ਬਕਰੀ ਖਰੀਦਾਂਗਾ ਮੇਮਣੇ ਮੇਮਣੀਆਂ ਦੇਊ ਉਨਾਂ ਨੂੰ ਵੇਚਕੇ ਗਊ ਖਰੀਦਾਂਗਾ , ਗਊ ਵੱਛੇ ਵੱਛੀਆਂ ਦੇਊ ਉਨਾਂ ਨੂੰ ਵੇਚ ਘੋੜੀ ਖਰੀਦਾਂਗਾ ਉਸਤੇ ਬਛੇਰੇ ਬਛੇਰੀਆਂ ਹੋਣਗੇ ਉਨਾਂ ਨੂੰ ਵੇਚ ਫੇਰ ਮੈਂ ਕੋਈ ਹੋਰ ਬੁਪਾਰ ਕਰਾਂਗਾ, ਉਸ ਵਿਚੋਂ ਲਖਾਂ ਰੁਪਏ ਲਾਹੇ ਦੇ ਆਉਣਗੇ ਫੇਰ ਮੈਂ ਜੁਆਹਰੀ ਬਚਾ ਬਣ ਬੈਠਾਂਗਾ,ਜੁਆਹਰਾਂ ਦਾ ਬੁਪਾਰ ਕਰਾਂਗਾ। ਜਦ ਮੇਰੇ ਕੋਲ ਨਿਖੁੱਟ ਧਨ ਹੋ ਜਾਊਂ ਤਾਂ ਮੈਂ ਵਡੇ ਵਡੇ ਮਹਿਲ ਮਾੜੀਆਂ ਬਣਾ ਨੌਕਰ ਚਾਕਰ ਰਖ ਘੋੜੇ ਹਾਥੀ ਖ਼ਰੀਦਾਂਗਾ, ਜਗਤ ਵਿੱਚ ਮੇਰੀ ਮਾਯਾ ਦੀ ਇਕ ਹੁਲ ਪੈ ਜਾਉ ਜਾਊ ਤੇਮੈਂ ਬੀ ਰਾਜਿਆਂ [ 6 ] ਨਾਲੋਂ ਕਝ ਘਟ ਨ ਹੋਵਾਂਗਾ। ਫੇਰ ਮੈਂ ਰਾਜੇ ਦੇ ਮੰਤ੍ਰੀ ਦੀ ਪੁੱਤ੍ਰੀ ਨਾਲ ਵਿਆਹ ਕਰਾਂਗਾ, ਵਹੁਟੀ ਨੂੰ ਘਰ ਲਿਆਕੇ ਉਸਨੂੰ ਚੰਗੀ ਤਰਾਂ ਆਪਣਾ ਮਾਨ ਸਿਖਲਾਉਣ ਲਈ ਇੱਕ ਘਰ ਵਿੱਚ ਬੰਦ ਰਖਾਂਗਾ ਤੇ ਛੁੱਟੜ ਛੱਡ ਛੱਡਾਂਗਾ ਅਰਬਰਸ ਛਿਮਾਹੇਂ ਉਸ ਕੋਲ ਸੱਭੋ ਇੱਕ ਅੱਧਾ ਫੇਰ ਕੀਤਾ ਕਰਾਂਗਾ ਅਤੇ ਉਸ ਨਾਲ ਬੋਲਿਆਂ ਬੀ ਘਟ ਹੀ ਕਰਾਂਗਾ। ਉਹਦੀਆਂ ਤਾਈਆਂ ਚਾਚੀਆਂਮੇਰੇ ਕੋਲ ਆਕੇ ਉਹਦੀ ਵਲੋਂ ਵਾਸਤੇ ਪਾਉਂਣਗੀਆਂ ਤੇ ਕਹਿਣ ਗੀਆਂ ਜੋ ਉਹ ਸਦਾ ਉਦਾਸ ਰਹਿੰਦੀ ਹੈ, ਉਹ ਦੇ ਉੱਪਰ ਦਯਾ ਮਯਾ ਰੱਖਿਆ ਕਰ, ਮੈਂ ਤਾਂਭੀ ਕਠੋਰ ਚਿਤ ਹੀ ਰਹਾਂਗਾ। ਫੇਰ ਉਹਦੀ ਮਾਂ ਆਪਣੀ ਧੀ ਨੂੰ ਨਾਲ ਲੈਕੇ ਰੋਂਦੀ ਕੁਰਲਾਉਂਦੀ ਮੇਰੀ ਪੈਰੀਂ ਆ ਪਾਇਗੀ ਤਾਂ ਮੈਂ ਆਪਣਿਆਂ ਪੈਰਾਂ ਨੂੰ ਸਮੇਟ ਲਵਾਂਗਾ ਅਤੇ ਕਹਾਂਗਾ ਹੂੰ ਹੂੰ ਦੇ ਕਹਿੰਦਿਆਂ ਹੀ ਉਹਦੇ ਸਿਰ ਉਪਰੋਂ ਘੜਾ ਢਹਿਕੇ ਫੁਟ ਗਿਆ। ਸਿਪਾਹੀ ਉਹਨੂੰ ਪਕੜ ਕੇ ਕਾਜ਼ੀ ਕੋਲ ਲੈ ਗਿਆ ਕਾਜ਼ੀ ਨੇ ਪੁੱਛਿਆ ਕਿਉਂ ਓਏ ਤੈ ਇਹ ਦਾ ਘੜਾ [ 7 ] ਕਿਉਂ ਭੰਨਿਆ ਹੈ? ਉੱਤਰ ਦਿੱਤੋ ਸੁ ਇਹਦਾ ਤਾਂ ਸੱਭੋ ਦੋ ਤਿੰਨਾਂ ਰੁਪਈਆਂ ਦਾ ਹੀ ਹੋਊ, ਮੇਰਾ ਤਾਂ ਸਾਰਾ ਲਾਉਂ ਲਸ਼ਕਰ ਟੱਬਰ ਕਬੀਲਾ ਮਹਿਲ ਮਾੜੀਆਂ ਨੌਕਰ ਚਾਕਰ ਕੁਲ ਪਰਿਵਾਰ ਹੀ ਨਸ਼੍ਟ ਹੋ ਗਿਆ। ਇਹ ਸਾਰੀ ਵਾਰਤਾ ਸੁਣ ਕਾਜ਼ੀ ਨੇ ਉਹ ਨੂੰ ਸੁਦਾਈ ਜਾਨਕੇ ਛੱਡ ਦਿੱਤਾ। ਸੋ ਟੱਬਰ ਕਬੀਲੇ ਨੂੰ ਰੋਂਦਾ ਰੋਂਦਾ ਆਪਣੀ ਮਾਂ ਕੋਲ ਆਇਆ, ਅਤੇ ਆਪਣੇ ਔਤਰੇ ਨਿਪੁਤੇ ਹੋ ਜਾਣ ਦਾ ਕਾਰਣ ਕਹਿ ਸੁਣਾਯਾ ਉਸਦਾ ਬਿਰਲਾਪ ਸੁਨ ਮਾਤਾ ਬੋਲੀ, ਬੱਚਾ ਤੂੰ ਜੀਉਂਦਾ ਰਹੁ ਟੱਬਰ ਕਬੀਲੇ ਦਾ ਕੀ ਹੈ। ਇਕ ਟੱਬਰ ਕੀ ਅੱਖ ਦੇ ਫੋਰ ਵਿੱਚ ਲੱਖਾਂ ਟੱਬਰ ਹੋ ਸਕਦੇ ਹਨ। ਮੂਲ ਚਾਹੀਏ ਬਿਆਜ ਢੇਰ ਆ ਜਾਊ॥ ਇਤਿ

ਸੰਪੂਰਨ

This article is issued from Wikisource. The text is licensed under Creative Commons - Attribution - Sharealike. Additional terms may apply for the media files.