ਮੁਨਾਜਾਤ ਹਾਸ਼ਮ ਸ਼ਾਹ

ਮੁਨਾਜਾਤ ਹਾਸ਼ਿਮ ਸ਼ਾਹ

1

ਤੁਮ ਬਖਸ਼ੋ ਫ਼ਕਰ ਫ਼ਕੀਰਾਂ ਨੂੰ, ਤੁਮ ਦਿਓ ਕਰਾਮਤ ਪੀਰਾਂ ਨੂੰ।
ਤੁਮ ਸ਼ਾਦ ਕਰੋ ਦਿਲਗ਼ੀਰਾਂ ਨੂੰ, ਤੁਮ ਦਿਓ ਖਲਾਸ ਅਸੀਰਾਂ ਨੂੰ।

ਤੁਮ ਫ਼ਰਸ਼ ਜ਼ਿਮੀਂ ਪਰ ਆਏ ਹੋ, ਦੁਖ ਦੂਰ ਕਰਨ ਦੁਖਿਆਰਾਂ ਦੇ।
ਤੁਮ ਬੰਦੀਵਾਨ ਛੁਡਾਵੋ ਜੀ, ਨਿਤ ਤੋੜ ਜੰਜ਼ੀਰ ਹਜ਼ਾਰਾਂ ਦੇ।
ਤੁਮ ਤਾਰਨਹਾਰ ਪਲੀਦਾਂ ਨੂੰ, ਹੁਣ ਭਾਗ ਭਲੇ ਬਦਕਾਰਾਂ ਦੇ।
ਫ਼ਰਯਾਦ ਸੁਣੋ ਇਸ ਹਾਸ਼ਮ ਦੀ, ਹਰ ਸਿਰ ਲਾਚਾਰ ਲਚਾਰਾਂ ਦੇ।
ਯਾ ਹਜ਼ਰਤ ਗ਼ੌਸੁਲ ਆਜ਼ਮ ਜੀ।

(ਸ਼ਾਦ=ਖੁਸ਼, ਖਲਾਸ=ਆਜ਼ਾਦ, ਅਸੀਰ=ਕੈਦੀ, ਪਲੀਦ=ਗੰਦਾ,ਨਾਪਾਕ)

2

ਧਿਆਨ ਧਰੋਂ ਦੁਖ ਦੂਰ ਕਰੋ ਸਭ, ਤੋੜ ਉਤਾਰ ਜੰਜ਼ੀਰ ਅਸੀਰਾਂ।
ਔਗੁਣਹਾਰ ਕੀ ਸਾਰ ਲਓ, ਹੋਰ ਜਾਨ ਕੀ ਮਾਫ਼ ਕਰੋ ਤਕਸੀਰਾਂ।
ਤੇਰਾ ਵਲੀ ਫ਼ਰਜ਼ੰਦ ਅਲੀ ਸਰਦਾਰ, ਦੋ ਆਲਮ ਕੇ ਸਿਰ ਪੀਰਾਂ।
ਦਾਤ ਦਿਓ ਫ਼ਰਿਆਦ ਕਰੇ, ਕਿ ਹਾਸ਼ਮ ਸ਼ਾਹ ਕਹੇ ਯਾ ਮੀਰਾਂ !

(ਅਸੀਰ=ਕੈਦੀ, ਤਕਸੀਰ=ਗਲਤੀ, ਆਲਮ=ਜਹਾਨ)

3

ਯਾ ਪੀਰ ! ਸੁਣੋ ਫ਼ਰਿਆਦ ਮੇਰੀ, ਮੈਂ ਅਰਜ਼ ਗੁਨਾਹੀ ਕਰਦਾ ਹਾਂ।
ਦੁਖ ਲਾਖ ਲਖੀਂ ਸੁਖ ਏਕ ਰਤੀ, ਮੈਂ ਪੈਰ ਉਤੇ ਵਲਿ ਧਰਦਾ ਹਾਂ।
ਵਿਚ ਲੋਕ ਹੋਇਆ ਬੁਰਿਆਰ ਬੁਰਾ, ਸਭ ਜਾਨ ਜਿਗਰ ਵਿਚ ਜਰਦਾ ਹਾਂ।
ਹੁਣ ਡੁਬ ਰਿਹਾਂ ਵਿਚ ਫ਼ਰਕ ਨਹੀਂ, ਜੇ ਤਾਰੋ ਤਾਂ ਮੈਂ ਤਰਦਾ ਹਾਂ।
ਕੀ ਹੋਗੁ ਅਹਿਵਾਲ ਗੁਨਾਹੀ ਦਾ, ਮੈਂ ਅਮਲ ਬੁਰੇ ਨਿਤ ਕਰਦਾ ਹਾਂ।
ਫੜ ਬਾਂਹ ਬਚਾਓ ਹਾਸ਼ਮ ਨੂੰ, ਯਾ ਪੀਰ ! ਮੇਰੇ, ਮੈਂ ਡਰਦਾ ਹਾਂ।
4

ਸਭ ਹਾਲ ਤੁਸਾਂ ਨੂੰ ਜ਼ਾਹਿਰ ਹੈ, ਜਿਸ ਤੌਰ ਮੇਰਾ ਨਿਤ ਜਾਲਣ ਹੈ।
ਤਨ ਗ਼ਮ ਥੀਂ ਤਪ ਤਨੂਰ ਹੋਇਆ, ਵਿਚ ਖੁਸ਼ਕ ਹੱਡਾਂ ਦਾ ਬਾਲਣ ਹੈ।
ਗ਼ਮ ਖਾਵੇ ਰੋਜ਼ ਕਲੇਜੇ ਨੂੰ, ਹੋਰ ਨਾਲ ਸਬਰ ਦਾ ਸਾਲਣ ਹੈ।
ਕੁਛ ਹੋਸ਼ ਨ ਐਸ ਹਯਾਤੀ ਦਾ, ਹਰ ਹਾਲ ਘੜੀ ਪਲ ਟਾਲਣ ਹੈ।
ਕੀ ਹੋਗੁ ਅਹਿਵਾਲ ਗੁਨਾਹੀਂ ਦਾ, ਮੈਂ ਅਮਲ ਬੁਰੇ ਨਿਤ ਕਰਦਾ ਹਾਂ।
ਫੜ ਬਾਂਹ ਬਚਾਓ ਹਾਸ਼ਮ ਨੂੰ, ਯਾ ਪੀਰ ਮੇਰੇ ਮੈਂ ਡਰਦਾ ਹਾਂ।

This article is issued from Wikisource. The text is licensed under Creative Commons - Attribution - Sharealike. Additional terms may apply for the media files.