ਕਾਫ਼ੀਆਂ ਸ਼ਾਹ ਹਬੀਬ

ਕਾਫ਼ੀਆਂ ਸ਼ਾਹ ਹਬੀਬ
1. ਆਵਣੁ ਕਿਉ ਛਡਿਓ ਸਾਈਂ

ਆਵਣੁ ਕਿਉ ਛਡਿਓ ਸਾਈਂ ਰਾਂਝਾ,
ਸਾਥੋਂ ਕੀ ਚਿਤ ਚਾਇਆ ਹੀ ਵੋ ।੧।ਰਹਾਉ।

ਪੁਰ ਤਕਸੀਰ ਭਰੀ ਮੈਂ ਆਹੀ,
ਤੈਨੂੰ ਬਣਦੀ ਹੈ ਫੋਲੁ ਨਾ ਕਾਈ,
ਜੇ ਕੋ ਪੁਛੈ ਤਾਂ ਦੇਹ ਉਗਾਹੀ,
ਸਿਰ ਤੇਰਾ ਨਾਉਂ ਧਰਾਇਆ ਹੀ ਵੋ ।੧।

ਤੈਂ ਜੇਹਾ ਕੋਈ ਹੋਰੁ ਨਾ ਮੈਨੂੰ,
ਮੈਂ ਜੇਹੀਆਂ ਲਖ ਸਾਹਿਬੁ ਤੈਨੂੰ,
ਹੋਰ ਵਕੀਲ ਪਾਈਂ ਵਿਚ ਕੈਨੂੰ,
ਤੈਂ ਕੇਹਾ ਰੋਸ ਪਾਇਆ ਹੀ ਵੋ ।੨।

ਕਜੁ ਅਉਗੁਣ ਮੇਰੇ ਫੋਲ ਨਾ ਫੋਲਣ,
ਮੈਂ ਤੋਲੀ ਦਾ ਫੇਰ ਕੀ ਤੋਲਣੁ,
ਤੂੰ ਸਰਪੋਸ ਖਲਕੁ ਦਾ ਓਲਣੁ,
ਤੈਂ ਨਾਉਂ ਸੱਤਾਰ ਸਦਾਇਆ ਹੀ ਵੋ ।੩।

ਸਾਹ ਹਬੀਬ ਨ ਗਈਉ ਸੁ ਨਾਲੇ,
ਰੋ ਰੋ ਨੈਣ ਕੀਤੇ ਰਤ ਨਾਲੇ,
ਇਸ ਬਿਰਹੋਂ ਦੇ ਪਏ ਕਸਾਲੇ,
ਯਾਦੁ ਕੀਏ ਗ਼ਮ ਖਾਇਆ ਹੀ ਵੋ ।੪।
(ਰਾਗ ਗਉੜੀ)

(ਤਕਸੀਰ=ਦੋਸ਼, ਸਰਪੋਸ=ਸਿਰ ਦਾ,
ਕੱਪੜਾ, ਕਸਾਲੇ=ਦੁੱਖ,ਗ਼ਮ)
2. ਮੈਂਡੀ ਦਿਲਹਾਂ ਹੀਵੋ ਖਸਿ ਕੇ

ਮੈਂਡੀ ਦਿਲਹਾਂ ਹੀਵੋ ਖਸਿ ਕੇ ਲਈਆ,
ਦਿਲ-ਜਾਨੀਆ ਵੋ,
ਗੜ੍ਹਾਂ ਕੋਟਾਂ ਵਿਚਿ ਆਕੀ ਹੋਨੈ,
ਖਸਿ ਕੇ ਦਿਲੀ ਬਿਰਾਨੀਆ ਵੋ ।੧।ਰਹਾਉ।

ਕਦੀ ਤ ਦਰਸ ਦਿਖਾਲਿ ਪਿਆਰੇ,
ਮੁਦਤਿ ਪਈ ਚਿਰਾਨੀਆ ਵੋ ।੧।

ਤਉ ਬਾਝਹੁ ਏਵੈ ਤਰਫਾਂ,
ਜਿਉ ਮਛਲੀ ਬਿਨ ਪਾਣੀਆ ਵੋ ।੨।

ਮਿਲਨ ਹਬੀਬ ਮਿਤ੍ਰਾਂ ਦਾ ਜੀਵਣੁ,
ਬਈਆ ਕੁਫ਼ਰ ਕਹਾਣੀਆਂ ਵੋ ।੩।
(ਰਾਗ ਝੰਝੋਟੀ)

(ਹੀਵੋ=ਹੀਆ,ਦਿਲ, ਖਸਿ=ਖੋਹ,
ਤਰਫਾਂ=ਤੜਫਾਂ, ਬਈਆ=ਹੋਰ)
3. ਨੀ ਸਈਓ ਮੈਨੂੰ ਸੁਖ ਕੋਲੋਂ ਦੁਖ ਭਾਵੈ

ਨੀ ਸਈਓ ਮੈਨੂੰ ਸੁਖ ਕੋਲੋਂ ਦੁਖ ਭਾਵੈ ।੧।ਰਹਾਉ।

ਜਿਨ ਦੁੱਖਾਂ ਮੈਨੂੰ ਪੀਉ ਨਾ ਵਿਸਰੈ,
ਸੋ ਦੁਖ ਮੈਂ ਕੋ ਲਿਆਵੈ ।੧।

ਜਿਨ੍ਹਾਂ ਸੁਖਾਂ ਮੇਰਾ ਪੀਉ ਵਿਛੋੜਿਆ,
ਸੋ ਸੁਖ ਮੈਂ ਕੋਲੋਂ ਜਾਵੈ ।੨।

ਕੁਰਬਾਨੁ ਹਬੀਬੁ ਤਿਸੁ ਦੁਖ ਥੋਂ,
ਜੋ ਦੁਖ ਦੋਸਤਿ ਮਿਲਾਵੈ ।੩।
(ਰਾਗ ਸਿੰਧੜਾ)
4. ਘਰਿ ਆਉ ਸੱਜਣ ਨੈਣ ਤਰਸਦੇ

ਘਰਿ ਆਉ ਸੱਜਣ ਨੈਣ ਤਰਸਦੇ,
ਨਿਤਿ ਪਿਆਸੇ ਤੇਰੇ ਦਰਸ ਦੇ ।੧।ਰਹਾਉ।

ਇਹ ਹਾਲ ਹੋਇਆ ਤੁਸਾਂ ਹੋਂਦਿਆਂ,
ਦੁਇ ਨੈਣ ਵੰਞਾਏ ਨੀ ਰੋਂਦਿਆਂ,
ਜਿਯੋਂ ਘਟ ਕਾਲੀ ਬਾਦਲ ਬਰਸਦੇ ।੧।

ਬਿਰਹੁ ਇਹ ਤਨ ਘੇਰਿਆ,
ਰੱਤੀ ਰੱਤ ਨ ਤਨ ਤੇ ਬੇਰਿਆ,
ਜਿਉਂ ਜਲ ਬਿਨ ਮੀਨਾ ਤਰਫਦੇ ।੨।

ਜਾਂ ਸ਼ਹੁ ਹਬੀਬੁ ਨ ਆਂਵਦੇ,
ਸਾਨੂੰ ਰੁਤਿ ਬਸੰਤੁ ਨ ਭਾਂਵਦੇ,
ਮੈਨੂੰ ਇਹ ਦਿਨ ਗੁਜਰੇ ਬਰਸ ਦੇ ।੩।
(ਰਾਗ ਬਸੰਤੁ)

(ਵੰਞਾਏ=ਗੁਆਏ, ਬੇਰਿਆ=ਨਹੀਂ ਰਿਹਾ,
ਮੀਨਾ=ਮੱਛੀ)
5. ਢੋਲਨ ਸਾਈਂ ਤੈਂ ਮੈਂਡੀ ਦਿਲ ਲੀਤੀ

ਢੋਲਨ ਸਾਈਂ ਤੈਂ ਮੈਂਡੀ ਦਿਲ ਲੀਤੀ,
ਸਾਰਾ ਦਿਂਹ ਸੰਮਲੇਂਦਿਆਂ ਗੁਜਰੇ
ਦੁਖੀ ਰੈਣੁ ਬਤੀਤੀ ।੧।ਰਹਾਉ।

ਉਠਣ ਬਹਿਣ ਅਰਾਮ ਨ ਆਵੈ
ਵਿਸਰਿ ਗਈਆਂ ਸਭ ਰੀਤੀ ।੧।

ਕਹੈ ਹਬੀਬ ਹਵਾਲ ਤੁਸਾਨੂੰ
ਤੂੰ ਸੁਣ ਅਰਜ਼ ਹਕੀਕੀ ।੨।
(ਰਾਗ ਕਾਨੜਾ)

(ਸੰਮਲੇਂਦਿਆਂ=ਯਾਦ ਕਰਦਿਆਂ)
6. ਅਨੀ ਕਾਈ ਦਾਰੂੜਾ ਦਸੀਓ ਨੀ

ਅਨੀ ਕਾਈ ਦਾਰੂੜਾ ਦਸੀਓ ਨੀ,
ਲਗਾ ਮੈਨੂੰ ਨੇਹੁ ਇਆਣੀ ਨੂੰ ।
ਸੇਜ ਸੁਤੀ ਨੈਣੀ ਨੀਂਦ ਨ ਆਵੈ,
ਬਿਰਹੁ ਬਜਾਇਆ ਮਾਰੂੜਾ ।੧।ਰਹਾਉ।

ਪੁੱਛਾਂ ਪੁੱਛ ਨ ਦਸਮੁ ਕਾਈ,
ਸਭ ਸੁਖ ਹੋਇਆ ਭਾਰੂੜਾ,
ਪੀਰ ਹਬੀਬ ਤਉ ਮੇਰੀ ਮਿਟਿ ਹੈ,
ਜਾਂ ਮਿਲੈ ਤਬੀਬ ਪਿਆਰੂੜਾ ।੨।
(ਰਾਗ ਕਾਨੜਾ)

(ਦਾਰੂੜਾ=ਦਵਾਈ, ਮਾਰੂੜਾ=ਮੌਤ ਦਾ
ਰਾਗ, ਦਸਮੁ=ਦੱਸਣਾ, ਭਾਰੂੜਾ=ਭਾਰਾ,
ਮਿਟਿ=ਮਿਟਣਾ, ਤਬੀਬ=ਵੈਦ, ਪਿਆਰੂੜਾ=
ਪਿਆਰਾ)

This article is issued from Wikisource. The text is licensed under Creative Commons - Attribution - Sharealike. Additional terms may apply for the media files.