ਕਾਫ਼ੀਆਂ ਕਰਮ ਅਲੀ ਸ਼ਾਹ

1. ਇਸ਼ਕ ਪਿਆਰੇ ਦਾ ਮੈਨੂੰ ਆਂਵਦਾ

ਇਸ਼ਕ ਪਿਆਰੇ ਦਾ ਮੈਨੂੰ ਆਂਵਦਾ, ਕਰ ਕਰ ਜ਼ੋਰ।
ਚੁਪ ਚੁਪਾਤੀ ਨੂੰ ਮੈਨੂੰ ਲਗਿਆ, ਮੁਲਖੀਂ ਪੈ ਗਿਆ ਸ਼ੋਰ।
ਨੀਂਦਰ ਭੁਖ ਅਰਾਮ ਨ ਮੂਲੇ, ਮਾਰੀ ਗਈ ਸਭ ਤੌਰ।
ਬਿਰਹੋਂ ਚੜ੍ਹ ਕੇ ਸੀਨੇ ਮੇਰੇ, ਲੀਤਾ ਖ਼ੂਨ ਨਿਚੋੜ।
ਹਿਜਰ ਅਸਾਡਾ ਖ਼ਿਆਲ ਨ ਛਡਦਾ, ਮੁਢਾਂ ਦਾ ਹੀ ਚੋਰ।
ਕਰਮ ਅਲੀ ਮੈਂ ਹੁਸੈਨ ਦੇ ਅਗੇ, ਨਿਤ ਅਰਜ਼ਾਂ ਕਰਾਂ ਹਥ ਜੋੜ।
2. ਪਿਆਰੇ ਦੇ ਲੜ ਲਗ ਕੇ

ਪਿਆਰੇ ਦੇ ਲੜ ਲਗ ਕੇ, ਹੋਈਆਂ ਨਜ਼ਰੋਂ ਨਜ਼ਰ ਨਿਹਾਲ।
ਜਿੰਦ ਕਰਾਂ ਕੁਰਬਾਨ ਨੀ ਓਸ ਥੋਂ, ਦੂਜੀ ਕਰੇਸਾਂ ਮਾਲ।
ਬਹਿਸਾਂ ਤਖ਼ਤ ਹਜ਼ਾਰੇ ਨੀ ਮਾਏ, ਭੱਠ ਪਏ ਝੰਗ ਸਿਆਲ।
ਮੈਂ ਉਸ ਮਾਹੀ ਦੀ ਹੀਰ ਸਲੇਟੀ, ਕੀ ਹੋਰ ਕਿਸੇ ਦੀ ਮਜ਼ਾਲ।
ਮਲੀਰ ਕੋਟਲਾ ਕਰਮ ਅਲੀ ਨੂੰ ਦਿਤਾ, ਪੀਰ ਹੁਸੈਨ ਜਮਾਲ।
3. ਅਜ ਕੋਈ ਆਵੰਦੜਾ

ਅਜ ਕੋਈ ਆਵੰਦੜਾ, ਹਲਨ ਚੋਲੀ ਦੇ ਬੰਦ।
ਰੱਬ ਕਰੇ ਜੇ ਪਿਆਰਾ ਆਵੇ, ਹੋ ਬੈਠਾਂ ਮੈਂ ਆਨੰਦ।
ਲੇਖ ਅਸਾਡੇ ਹੋਵਨ ਚੰਗੇ, ਘਰ ਆ ਜਾਵੇ ਚੰਦ।
ਚਰਖਾ ਚੁਕ ਪਰੇ ਕਰੋ ਸਈਓ, ਪਵੇ ਨ ਮੈਥੋਂ ਤੰਦ।
ਕਰਮ ਅਲੀ ਨਿਤ ਪੀਰ ਹੁਸੈਨ ਦਾ, ਖੜੀ ਉਡੀਕਾਂ ਪੰਧ।
4. ਵੇ ਦਿਲਾਂ ਦਿਆ ਜਾਨੀਆਂ

ਵੇ ਦਿਲਾਂ ਦਿਆ ਜਾਨੀਆਂ, ਕਿਉਂ ਗਇਆ ਸਾਨੂੰ ਛੱਡ।
ਵਾਸਤੇ ਰੱਬ ਦੇ ਤੂੰ ਇਕ ਵਾਰੀ, ਭੇਜ ਕੇ ਕਾਸਦ ਸੱਦ।
ਕੀ ਕਰਾਂ ਅਰਾਮ ਨਾ ਆਵੇ, ਇਸ਼ਕ ਰਚਿਆ ਹੱਡ ਹੱਡ।
ਤਖ਼ਤ ਹਜ਼ਾਰੇ ਲੈ ਚਲ ਮੈਨੂੰ, ਖੇੜਿਆਂ ਤੇ ਲਵੀਂ ਕੱਢ।
ਕਰਮ ਅਲੀ ਨੂੰ ਪਿਆਰਾ ਲਗਦਾ, ਪੀਰ ਹੁਸੈਨ ਦਾ ਕੱਦ।
5. ਮੰਨ ਤੂੰ ਖਾਵੰਦ ਦਾ ਕੁੜੇ ਫ਼ਰਮਾਉਣਾ

ਮੰਨ ਤੂੰ ਖਾਵੰਦ ਦਾ ਕੁੜੇ ਫ਼ਰਮਾਉਣਾ।
ਭਾਵੇਂ ਲਖ ਲਖ ਛਿਮਕਾਂ ਮਾਰੇ, ਸਿਰ ਸਿਜਦਿਓਂ ਨਹੀਂ ਚਾਵਣਾ।
ਇਸ ਬੁਤ ਨੂੰ ਪਏ ਕੀੜੇ ਖਾਵਣ, ਕੋਈ ਦਿਨ ਦਾ ਹਈ ਪਰਾਹੁਣਾ।
ਜੋ ਕੁਛ ਕਰੇਂ ਸੋ ਨੇਕੀ ਕਰ ਲੈ, ਫਿਰ ਏਥੇ ਨਹੀਂ ਆਉਣਾ।
ਭਾਵੇਂ ਲਖ ਝਿੜਕਾਂ ਓਹ ਦੇਵੇ, ਫਿਰ ਉਸ ਨੇ ਹੈ ਗਲ ਲਾਵਣਾ।
ਕਰਮ ਅਲੀ ਰਖ ਖਾਵੰਦ ਰਾਜ਼ੀ, ਫਿਰ ਦੂਜੀ ਵਾਰ ਨਾ ਆਵਣਾ।
6. ਹਾਦੀ ਸੰਗ ਪ੍ਰੀਤ ਲਗਾ

ਹਾਦੀ ਸੰਗ ਪ੍ਰੀਤ ਲਗਾ, ਕੁੜੇ ਨਹੀਂ ਮੁੜਨਾ।
ਦੇਖ ਕੇ ਆਜਜ਼ ਮੈਨੂੰ ਉਸ ਨੇ, ਲਾ ਲਈ ਅਪਨੇ ਚਰਨਾ।
ਭਾਵੇਂ ਦੋਜ਼ਖ ਵਿੱਚ ਲਿਜਾਵੇ, ਪਿੱਛੇ ਹੋ ਕੇ ਤੁਰਨਾ।
ਸ਼ਹੁ ਦਰਿਆਉ ਚਲਣ ਜੇ ਖ਼ੂਨੀ, ਬਿਨ ਬੇੜੀ ਤੇ ਤਰਨਾ।
ਕੀ ਹੋਇਆ ਜੇ ਹਟਕਨ ਮਾਪੇ, ਨੀ ਦੂਜਾ ਯਾਰ ਨਾ ਕਰਨਾ।
ਲੋਕ ਦੇਵਨ ਜੇ ਲਖ ਲਖ ਤਾਹਨੇ, ਮੂਲ ਨਹੀਂ ਅਸਾਂ ਡਰਨਾ।
ਜਾਣ ਕੇ ਉਸ ਨੂੰ ਖ਼ਾਨਾ ਕਾਅਬਾ, ਸਿਰ ਕਦਮਾਂ ਪਰ ਧਰਨਾ।
ਕਰਮ ਅਲੀ ਲੈ ਪੀਰ ਹੁਸੈਨ ਨੂੰ, ਸ਼ਹਿਰ ਵਟਾਲੇ ਵੜਨਾ।
7. ਹੁਣ ਸਾਨੂੰ ਸਦ ਲੈ ਜੀ

ਹੁਣ ਸਾਨੂੰ ਸਦ ਲੈ ਜੀ, ਪਿਆਰੇ ਆਪਣੇ ਕੋਲ।
ਦਿਲ ਸਾਡੇ ਨੂੰ ਪਿਆਰੇ ਲਗਦੇ, ਮਿਠੜੇ ਤੇਰੇ ਬੋਲ।
ਸਾਡੇ ਵਲੋਂ ਜੇ ਕਸਮ ਹੈ ਤੈਨੂੰ, ਮਨ ਦੀਆਂ ਘੁੰਡੀਆਂ ਖੋਹਲ।
ਜੇ ਇਕ ਵਾਰੀ ਨਜ਼ਰੀ ਆਵੇਂ, ਜਿੰਦੜੀ ਦੇਵਾਂ ਘੋਲ।
ਸੀਨੇ ਦੇ ਸੰਗ ਲਾ ਕੇ ਤੈਨੂੰ, ਹਸ ਹਸ ਕਰਾਂ ਕਲੋਲ।
ਪੀਰ ਹੁਸੈਨ ਦੇ ਬਾਝੋਂ ਜਿੰਦੜੀ, ਗਈ ਕਰਮ ਅਲੀ ਅਨਮੋਲ।
8. ਸੁਣ ਮੇਰੀ ਜਿੰਦੇ

ਸੁਣ ਮੇਰੀ ਜਿੰਦੇ, ਬਚ ਬਚ ਕੇ ਹੁਣ ਰਹੀਏ।
ਭੇਤ ਦਿਲਾਂ ਦਾ ਮਹਿਰਮ ਬਾਝੋਂ, ਨਾ ਹੋਰ ਕਿਸੇ ਨੂੰ ਕਹੀਏ।
ਕਾਮ ਕ੍ਰੋਧ ਲੋਭ ਮੋਹ ਹੰਕਾਰੀ, ਫਿਰ ਇਨ ਕੋ ਮਾਰ ਖਲਈਏ।
ਸੋਹੰਗ ਓਹੰਗ ਹਿਰਦੇ ਲਾ ਕੇ, ਤਾੜੀ ਜਮਾ ਕੇ ਬਹੀਏ।
ਕਰਮ ਅਲੀ ਨਿਤ ਪੀਰ ਹੁਸੈਨ ਦੇ, ਗਾਈਏ ਖ਼ੂਬ ਸਵਈਏ।
9. ਤੈਂ ਗਲਾਂ ਕੀ ਕੀਤੀਆਂ ਅਛੀਆਂ

ਤੈਂ ਗਲਾਂ ਕੀ ਕੀਤੀਆਂ ਅਛੀਆਂ,
ਵੇ ਪਰ ਯਾਦ ਰਖੀਂ ਸੱਜਣਾ।
ਰੋਜ਼ ਹਸ਼ਰ ਤਕ ਖਿਆਲ ਨਾ ਛਡਸਾਂ,
ਪਰ ਮੈਂ ਭੀ ਨਹੀਂ ਕੋਈ ਕਚੀਆਂ।
ਵੇ ਪਰ ਯਾਦ ਰਖੀਂ ਸੱਜਣਾ,
ਕੀ ਹੈ ਸ਼ਰਮ ਕਿਸੇ ਦੀ ਸਾਨੂੰ,
ਜਦ ਖੋਹਲ ਖੋਹਲ ਘੁੰਗਟ ਮੈਂ ਨਚੀਆਂ।
ਖ਼ੂਨੀ ਨੈਣ ਤੇਰੇ ਦੀਆਂ ਨੋਕਾਂ,
ਵਿਚ ਸੀਨੇ ਦੇ ਧਸੀਆਂ।
ਮੈਂ ਪੀਰ ਹੁਸੈਨ ਦੇ ਸੀਨੇ ਲਗ ਕੇ,
ਕਰਮ ਅਲੀ ਫਿਰ ਹਸੀਆਂ।

This article is issued from Wikisource. The text is licensed under Creative Commons - Attribution - Sharealike. Additional terms may apply for the media files.